1. ਧਰਤੀ ‘ਤੇ ਗੁਰੂ ਨਾਨਕ ਦੇਵ ਜੀ ਦਾ ਆਗਮਨ

ਸੰਸਾਰ ਦੁੱਖਾਂ ਵਿੱਚ ਡੁੱਬਿਆ ਹੋਇਆ ਸੀ, ਜਿਸ ਦਾ ਇੱਕੋ ਇੱਕ ਇਲਾਜ ਰੱਬੀ ਨਾਮ ਸੀ। ਆਪਣੀ ਦਇਆ ਵਿੱਚ, ਸੰਸਾਰ ਦੇ ਦੁੱਖ ਕੱਟਣ ਲਈ, ਨਿਰੰਕਾਰ ਨੇ ਆਪ ਮਨੁੱਖੀ ਰੂਪ ਧਾਰਿਆ; ਇਸ ਘਟਨਾ ਨੇ  ਇਤਿਹਾਸ ਨੂੰ ਸਦਾ ਲਈ ਬਦਲ ਦਿੱਤਾ। ਜੀ, ਅਸੀਂ ਤੁਹਾਨੂੰ ਅਤਿ ਨਿਮਰਤਾ ਨਾਲ ਹੋਰ ਜਾਣਨ ਲਈ ਹੇਠਾਂ ਪੜ੍ਹਨ ਲਈ ਸੱਦਾ ਦਿੰਦੇ ਹਾਂ।

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ 

ਜੀ, ਜਦੋਂ ਨਿਰੰਕਾਰ ਨੇ ਵਿਚਾਰਿਆ ਕਿ ਸਾਰੀ ਸ੍ਰਿਸ਼ਟੀ ਬਹੁਤ ਹੀ ਦੁੱਖ (1) ਵਿੱਚ ਹੈ ਤੇ ਫਿਰ ਨਿਰੰਕਾਰ ਨੇ ਵਿਚਾਰਿਆ ਕਿ ਆਪ ਜਾਣਾ ਚਾਹੀਦਾ ਹੈ ਕਿਉਂਕਿ ਨਾਮ ਤੋਂ ਬਿਨਾਂ ਦੁਨੀਆਂ ਦੇ ਰੋਗ ਕੱਟੇ ਨਹੀਂ ਜਾ ਸਕਦੇ ਤੇ ਨਾਲੇ ਉਹਨਾਂ ਸੱਤ ਰਿਸ਼ੀਆਂ- ਜਿਨ੍ਹਾਂ ਦੀ ਅਨੇਕਾਂ ਜਨਮਾਂ ਦੀ ਭਗਤੀ ਤੇ ਬੇਨਤੀ ਨਿਰੰਕਾਰ ਨੂੰ, ਕਿ ਮਾਨਸ ਦੇਹੀ ਵਿੱਚ ਦਰਸ਼ਨ ਦੇਵੋ, ਸਤਿਗੁਰਾਂ ਪ੍ਰਵਾਨ ਕੀਤੀ। 

ਰਾਵੀ ਤੇ ਬਿਆਸਾ ਦਰਿਆ ਦੇ ਵਿੱਚ ਇਕ ਜਗ੍ਹਾ ਸੀ ਜਿਥੇ ਬਹੁਤ ਸਾਰੇ ਰਿਸ਼ੀ ਮੁਨੀ ਭਗਤੀ ਕਰਦੇ ਰਹੇ। ਦੇਵਤਿਆਂ ਨੇ ਵੀ ਉਸ ਜਗ੍ਹਾ ਤੇ ਬਹੁਤ ਬੰਦਗੀ ਕੀਤੀ। ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਜੀ, ਭਾਈਆ ਜੈਰਾਮ ਜੀ, ਦਾਸੀ ਤੁਲਸਾਂ, ਰਾਇ ਬੁਲਾਰ ਜੀ ਤੇ ਭਾਈ ਲਾਲੋ ਜੀ, ਇਹ ਸੱਤ ਰਿਸ਼ੀਆਂ ਨੇ ਵੀ ਉਸੇ ਅਸਥਾਨ ਤੇ ਹੀ ਬਹੁਤ ਤਪੱਸਿਆ ਕੀਤੀ, ਇਹ ਜਗ੍ਹਾ ਫਿਰ ਅੱਗੇ ਜਾ ਕੇ ਪ੍ਰਗਟ ਹੁੰਦੀ ਹੈ, ਜਿਸ ਦਾ ਨਾਂ ਦੁਖ ਭੰਜਨੀ ਬੇਰੀ- ਚੌਥੇ ਪਾਤਸ਼ਾਹ ਜੀ ਨੇ ਰੱਖਿਆ, ਫਿਰ ਜੋ ਬਾਅਦ ਵਿੱਚ ਅੰਮ੍ਰਿਤਸਰ ਸਾਹਿਬ ਸ਼ਹਿਰ ਆਬਾਦ ਹੋਇਆ ਅੰਮ੍ਰਿਤਸਰ ਸਰੋਵਰ ਬਣਿਆ। ਇਸ ਜਗ੍ਹਾ ਤੇ ਇਨਾਂ ਸੱਤਾਂ ਰਿਸ਼ੀਆਂ ਨੇ ਬਹੁਤ ਜਨਮ ਭਗਤੀ ਕੀਤੀ, ਹੁਣ ਇਹਨਾਂ ਸੱਤਾਂ ਰਿਸ਼ੀਆ‍ਂ ਨੂੰ ਨਿਰੰਕਾਰ ਨੇ ਦਰਸ਼ਨ ਦੇਣੇ ਹਨ ਪਰ ਕਿਸੇ ਨੂੰ ਕੋਈ ਪਤਾ ਨਹੀਂ ਹੈ।

ਗੁਰੂ ਅੰਗਦ ਦੇਵ ਜੀ ਦਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਘਟਨਾਵਾਂ ਨੂੰ ਦਰਜ ਕਰਨਾ

ਦੂਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਤਲਵੰਡੀਓਂ ਜਨਮ ਪੱਤਰੀ ਮੰਗਵਾਈ। ਗੁਰੂ ਅੰਗਦ ਦੇਵ ਜੀ ਨੇ ਜਨਮ ਪੱਤਰੀ ਇਸ ਕਰਕੇ ਮੰਗਵਾਈ ਤਾਂ ਕਿ ਗੁਰੂ ਸਾਹਿਬ ਜੀ ਦਾ ਉਸ ਪੱਤਰੀ ਤੇ ਸਮਾਂ ਲਿਖਿਆ ਸੀ ਕਿ ਕਿਸ ਸਮੇਂ ਕਿਸ ਦਿਨ ਚੋਲਾ ਧਾਰਨ ਕੀਤਾ। (ਜਨਮ ਪੱਤਰੀ ਦਾ ਗੁਰੂ ਨਾਨਕ ਸਾਹਿਬ ਜੀ ਦੇ ਰਸਤੇ ਤੇ ਕੋਈ ਥਾਂ ਨਹੀ ਹੈ। ਮਹਿਤਾ ਕਾਲੂ ਜੀ ਖੱਤਰੀ (2) ਸਨ ਤੇ ਉਦੋਂ ਬ੍ਰਾਹਮਣ ਜੋ ਪੰਡਿਤ ਹੁੰਦੇ ਸਨ ਉਹ ਗੁਰੂ ਕਹਾਉਦੇਂ ਸਨ ਤੇ ਹਰ ਇਕ ਘਰਾਣੇ ਦਾ ਇਕ ਪੰਡਿਤ ਹੁੰਦਾ ਸੀ। ਪਿੰਡਾਂ ਵਿਚ ਪੰਡਿਤਾਂ ਨੇ ਘਰ ਮੱਲੇ ਹੁੰਦੇ ਸਨ ਕਿ ਆਹ ਘਰ ਮੇਰੇ ਹਨ। ਲੋਕਾਂ ਨੇ ਜੋ ਕਰਨਾ ਹੁੰਦਾ ਬ੍ਰਾਹਮਣਾਂ ਤੋਂ ਪੁੱਛ ਕੇ ਹੀ ਕਰਦੇ ਸਨ।)

ਗੁਰੂ ਅੰਗਦ ਦੇਵ ਜੀ ਭਾਈ ਬਾਲਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ ਲਿਖਣ ਲਈ ਆਖ ਰਹੇ ਹਨ।

ਗੁਰੂ ਅੰਗਦ ਦੇਵ ਜੀ ਰੋਜ਼ ਦੀਵਾਨ ਸਜਾਉਂਦੇ ਆਪ ਤਖਤ ‘ਤੇ ਬੈਠਦੇ ਤੇ ਭਾਈ ਬਾਲਾ ਜੀ ਨੂੰ ਆਗਿਆ ਕਰਦੇ ਕਿ ਤੁਸੀਂ ਸਾਰਾ ਹਾਲ ਦੱਸੋ, ਸ਼ੂਰੂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਜੀ ਬਾਰੇ। ਉਸ ਤੋਂ ਬਾਅਦ ਭਾਈ ਬਾਲਾ ਜੀ ਤੋਂ ਸੁਣ ਕੇ ਪੈੜੇ ਮੋਖੇ ਨੂੰ ਆਪ ਲਿਖਵਾਉਂਦੇ। ਗੁਰੂ ਸਾਹਿਬ ਨੇ ਬਾਲਾ ਜੀ ਕੋਲੋਂ ਸਾਖੀ ਸੁਣ ਕੇ ਆਪ ਆਪਣੇ ਮੁਖਾਰਬੰਦ ਤੋਂ ਉਚਾਰੀ ਤੇ ਲਿਖਵਾਈ। ਹਰ ਰੋਜ਼ ਦੀਵਾਨ ਵਿੱਚ ਭਾਈ ਬੁੱਢਾ ਜੀ, ਭਾਈ ਪਾਰੋ ਜੀ, ਭਾਈ ਜੀਵਾ ਜੀ, ਭਾਈ ਜੁਲਫਾ ਜੀ ਇਹ ਜੋ ਉਹਨਾਂ ਦਿਨਾਂ ਵਿੱਚ ਪਰਮਹੰਸ ਕਰਕੇ ਜਾਣੇ ਜਾਂਦੇ ਸਨ ਮਾਹਾਰਾਜ ਜੀ ਦੇ ਦਰਬਾਰ ਵਿੱਚ - ਜਿੰਨਾਂ ਦਾ ਚੋਗਾ ਸਿਰਫ ਮੋਤੀ ਹੀ ਸੀ ਇਹ ਹਰ ਰੋਜ਼ ਦੀਵਾਨ ਵਿੱਚ ਹੁੰਦੇ, ਹੋਰ ਅਨੇਕ ਸੰਗਤ ਆਉਂਦੀ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਸੁਣਨ ਲਈ। 

ਗੁਰੂ ਨਾਨਕ ਦੇਵ ਜੀ ਦਾ ਧਰਤੀ 'ਤੇ ਆਗਮਨ

ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ 1469 ਈ: ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਾਰਾਂ ਵੱਜਕੇ ਇੱਕੀ ਮਿੰਟ ਤੇ ਅੰਮ੍ਰਿਤ ਵੇਲੇ ਚੋਲਾ ਧਾਰਨ ਕੀਤਾ। ਮਹਿਤਾ ਕਾਲੂ ਜੀ ਨੂੰ ਖਬਰ ਹੋਈ ਉਹ ਦੋ ਕੁ ਘੰਟੇ ਠਹਿਰ ਕੇ ਪੰਡਿਤ ਹਰਦਿਆਲ ਜੀ ਦੇ ਘਰ ਗਏ। ਪੰਡਿਤ ਜੀ ਨੇ ਕਿਹਾ, “ਕਾਲੂ ਜੀ ਐਨੇ ਸਵੱਖਤੇ ਅੱਜ ਕਿਉਂ ਆਏ?” ਕਹਿੰਦੇ, ਜੀ ਬਾਲਕ ਨੇ ਜਨਮ ਲਿਆ ਹੈ ਆ ਕੇ ਜਨਮ ਪੱਤਰੀ ਲਿਖੋ। ਪੰਡਿਤ ਹਰਦਿਆਲ ਕਹਿੰਦਾ ਤੁਸੀਂ ਚੱਲੋ ਮੈਂ ਠਾਕੁਰ ਦੀ ਪੂਜਾ ਕਰਕੇ ਆਉਂਦਾ ਹਾਂ। ਉਸ ਤੋਂ ਘੰਟਾ ਡੇਢ ਘੰਟਾ ਬਾਅਦ ਹਰਦਿਆਲ ਜੀ ਮਹਿਤਾ ਕਾਲੂ ਜੀ ਦੇ ਗ੍ਰਹਿ ਗਏ, ਕਾਲੂ ਜੀ ਨੇ ਬਹੁਤ ਆਦਰ ਕੀਤਾ। 

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ'ਤੇ ਸੁਸ਼ੋਬਿਤ ਗੁਰਦੁਆਰਾ ਨਨਕਾਣਾ ਸਾਹਿਬ, ਪਾਕਿਸਤਾਨ

ਉਸ ਸਮੇਂ ਪੰਡਿਤ ਗੁਰੂ ਕਹਾਂਉਦੇ ਸਨ ਤੇ ਕਿਸੇ ਨੂੰ ਪਰਮਾਤਮਾਂ ਬਾਰੇ ਕੋਈ ਪਤਾ ਨਹੀਂ ਸੀ, ਕਹਿੰਦੇ ਸਨ ਕਿ ਦੂਸਰੀਆਂ ਜਾਤੀਆਂ ਨੀਵੀਆਂ ਹਨ ਇਹਨਾਂ ਨੂੰ ਕੋਈ ਹੱਕ ਨਹੀਂ ਹੈ ਪਰਮਾਤਮਾਂ ਬਾਰੇ ਜਾਨਣ ਦਾ, ਪਰਮਾਤਮਾਂ ਦੇ ਗੁਣ ਗਾਉਣ ਦਾ।  ਇਸ ਲਈ ਇਹਨਾਂ ਨੇ ਇਕ ਬਹੁਤ ਕਠਿਨ ਭਾਸ਼ਾ ਸੰਸਕ੍ਰਿਤ ਵਿੱਚ ਪਰਮਾਤਮਾਂ ਬਾਰੇ ਗੱਲਬਾਤ ਲਿਖ ਰੱਖੀ ਸੀ, ਪਰ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਹਨ ਕਿ “ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥” ਸੋ ਮਹਿਤਾ ਕਾਲੂ ਜੀ ਨੇ ਇਕ ਥਾਲੀ ਚੌਲਾਂ ਦੀ ਭਰ ਕੇ ਉੱਪਰ ਗੁੜ ਤੇ ਕੁਝ ਮਾਇਆ ਭੇਟ ਕਰਕੇ ਹਰਦਿਆਲ ਪੰਡਿਤ ਜੀ ਨੂੰ ਦਿੱਤੀ ਤੇ ਬੇਨਤੀ ਕੀਤੀ ਕਿ ਬਾਲਕ ਦੀ ਪੱਤਰੀ ਤਿਆਰ ਕਰੋ।

ਹਰਦਿਆਲ ਨੇ ਆਪਣੀ ਜੰਤਰੀ ਦੇਖ ਕੇ ਕਿਹਾ ਕਿ “ਬਹੁਤ ਸ਼ੁਭ ਸਮਾਂ ਹੈ ਇਹ ਬਾਲਕ ਬਹੁਤ ਵੱਡਾ ਧਰਮੀ ਹੋਵੇਗਾ ਤੇ ਮੈਨੂੰ ਜਾਪਦਾ ਹੈ ਕਿ ਇਸ ਦੇ ਸਿਰ ਤੇ ਛੱਤਰ ਝੁੱਲੇਗਾ ਪਰ ਮੈਂ ਬਹੁਤ ਹੈਰਾਨ ਹਾਂ ਕਿ ਉਹ ਕਿਹੜਾ ਛੱਤਰ ਹੈ ਜੋ ਇਸ ਦੇ ਸਿਰ ਤੇ ਝੁੱਲੇਗਾ”। ਮਹਿਤਾ ਕਾਲੂ ਜੀ ਕਹਿੰਦੇ ਤੁਸੀਂ ਜਨਮ ਪੱਤਰੀ ਲਿਖੋ ਤੇ ਨਾਲੇ ਲੱਛਣ ਲਿਖੋ ਬਾਲਕ ਦੇ। ਹਰਦਿਆਲ ਕਹਿੰਦਾ ਜੀ ਇਕ ਕਾਗਜ਼ ਤੇ ਕੇਸਰ ਮੰਗਵਾਉ , ਉਹ ਮੰਗਾਏ ਗਏ। ਫਿਰ ਪੰਡਿਤ ਨੇ ਪੁੱਛਿਆ ਕਿ ਬਾਲਕ ਜਦੋਂ ਇਸ ਮਾਤ ਲੋਕ ਵਿਚ ਆਇਆ ਤਾਂ ਉਸਨੇ ਪਹਿਲੀ ਅਵਾਜ਼ ਕੀ ਕੱਢੀ ? ਅੰਦਰੋਂ ਦਾਈ ਦੌਲਤਾਂ ਨੂੰ ਬੁਲਾਇਆ। ਦੌਲਤਾਂ ਦਾਈ ਨੂੰ ਪੁੱਛਿਆ ਕਿ ਬਾਲਕ ਦੀ ਪਹਿਲੀ ਆਵਾਜ਼ ਕੀ ਸੀ ਤੇ ਉਸ ਨੇ ਕਿਹਾ ਕਿ ਮੇਰੇ ਹੱਥਾਂ ਵਿੱਚ ਬਹੁਤ ਬਾਲਕ ਜਨਮੇ ਹਨ ਪਰ ਮੈਂ ਇਹੋ ਜਿਹਾ ਬਾਲ ਕੋਈ ਨਹੀ ਦੇਖਿਆ। ਇਹ ਬਾਲਕ ਇਸ ਮਾਤ ਲੋਕ ਵਿੱਚ ਪੈਰ ਪਾਉਂਦਿਆਂ ਹੀ ਹੱਸਿਆ ਤੇ ਉਹ ਹਾਸਾ ਵੀ ਵੱਡੇ ਪ੍ਰਾਣੀ ਵਰਗਾ ਸੀ ਬੱਚੇ ਦਾ ਹਾਸਾ ਨਹੀਂ ਸੀ ਤੇ ਮੈਂ ਬਹੁਤ ਅਸਚਰਜ ਹੋ ਰਹੀ ਸਾਂ ਕਿ ਇਹ ਕੀ ਕੌਤਕ ਹੋਇਆ। (ਮਹਾਰਾਜ ਜੀ ਕੀ ਪਤਾ ਹੱਸੇ ਹੋਣ ਦੁਨੀਆਂ ਨੂੰ ਦੱਸਣ ਲਈ ਕਿ ਹੁਣ ਖੁਸ਼ ਹੋਵੋ ਤੁਹਾਡੇ ਲਈ ਸ਼ਬਦ ਲੈ ਕੇ ਆਏ ਹਾਂ ਜੋ ਸਾਰੀਆਂ ਬਿਮਾਰੀਆਂ ਦਾ ਅਉਖਧ ਹੈ) ਸੋ ਪੰਡਿਤ ਹੈਰਾਨ ਹੋ ਰਿਹਾ ਹੈ ਉਸ ਨੇ ਬੇਨਤੀ ਕੀਤੀ ਕਿ ਬਾਲਕ ਦੇ ਦਰਸ਼ਨ ਕਰਾਓ। ਅੰਦਰੋਂ ਦਾਈ ਬਾਲਕ ਨੂੰ ਕੱਪੜਿਆਂ ‘ਚ ਲਪੇਟ ਕੇ ਲਿਆਈ ਤੇ ਪੰਡਿਤ ਉੱਠ ਕੇ ਖੜ੍ਹਾ ਹੋ ਗਿਆ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਕਾਲੂ ਜੀ ਨੂੰ ਕਿਹਾ ਕਿ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ। ਤੁਹਾਡੇ ਗ੍ਰਹਿ ਵਿਖੇ ਜੋ ਬਾਲਕ ਆਇਆ ਹੈ ਇਸ ਕਰਕੇ ਤੁਹਾਡਾ ਨਾਂਅ ਵੀ ਹਮੇਸ਼ਾ ਅਮਰ ਹੋ ਜਾਣਾ ਹੈ। 

ਮਹਿਤਾ ਕਾਲੂ ਜੀ ਕਹਿੰਦੇ ਜੀ ਬਾਲਕ ਦਾ ਨਾਮ ਰੱਖੋ ਸੋ ਪੰਡਿਤ ਕਹਿੰਦਾ ਕਿ ਇਸ ਦਾ ਨਾਮ ਮੈਂ ਹੁਣ ਨਹੀਂ ਰੱਖਣਾ ਬਹੁਤ ਸੋਚ ਕੇ ਇਸ ਦਾ ਨਾਮ ਰੱਖਣਾ ਪੈਣਾ ਹੈ, ਮੈਂ ਤੇਰਾਂ ਦਿਨਾਂ ਨੂੰ ਸੋਚ ਕੇ ਇਸ ਦਾ ਨਾਮ ਰੱਖਾਂਗਾ।

ਤੇਰਾਂ ਦਿਨਾਂ ਬਾਅਦ ਪੰਡਿਤ ਫਿਰ ਆਇਆ ਤੇ ਕਹਿਣ ਲੱਗਾ ਕਿ ਮਹਿਤਾ ਕਾਲੂ ਜੀ ਇਸ ਬਾਲਕ ਦਾ ਨਾਮ ‘ਨਾਨਕ’ ਹੈ।

ਮਹਿਤਾ ਕਾਲੂ ਜੀ ਕਹਿੰਦੇ ਪ੍ਰੋਹਿਤ ਜੀ, ਇਹ ਨਾਂਅ ਨਹੀਂ ਰੱਖਣਾ ਹੋਰ ਕੋਈ ਨਾਮ ਸੋਚ ਕੇ ਦੱਸੋ। ਅਸੀਂ ਖੱਤਰੀ ਲੋਕ ਹਾਂ ਐਸਾ ਨਾਂਅ ਤੇ ਅਸੀਂ ਕਦੇ ਸੁਣਿਆ ਨਹੀਂ ਹੈ ਜੋ ਖੱਤਰੀਆਂ ਦੇ ਨਾਂਅ ਹੁੰਦੇ ਹਨ ਉਹ ਨਾਂਅ ਰੱਖੋ। ਪੰਡਿਤ ਕਹਿੰਦਾ ਮਹਿਤਾ ਕਾਲੂ ਜੀ ਇਹ ਆਮ ਬਾਲਕ ਨਹੀਂ ਹੈ, ਇਸ ਨੂੰ ਹਿੰਦੂ ਮੁਸਲਮਾਨ ਦੋਵੇਂ ਪੂਜਣਗੇ, ਇਸ ਦਾ ਅਸਮਾਨ, ਖੰਡਾਂ, ਬ੍ਰਹਮੰਡਾਂ ਵਿੱਚ ਨਾਮ ਗੂੰਜੇਗਾ।  ਇਸ ਨੂੰ ਧਰਤੀ ਸਾਗਰ, ਅਸਮਾਨ ਤੇ ਪਹਾੜ ਸਾਰੇ ਰਸਤਾ ਦੇਣਗੇ, ਜੋਗੀ, ਰਿਸ਼ੀ ਮੁਨੀ ਸਾਰਾ ਸੰਸਾਰ ਇਸ ਦੀ ਆਗਿਆ ਮੰਨੇਗਾ। ਕਾਲੂ ਜੀ ਸੁਣ ਸੁਣ ਕੇ ਹੈਰਾਨ ਹੋ ਰਹੇ ਸਨ ਤੇ ਮੰਨ ਗਏ ਕਿ ਠੀਕ ਇਹੀ ਨਾਮ ਰੱਖਦੇ ਹਾਂ। 

 

ਫਿਰ ਪੰਡਿਤ ਨੇ ਦੱਸਿਆ ਕਿ ਇਸ ਨਾਮ ਦੇ ਦੋ ਅਰਥ ਹਨ, ਸੰਸਕ੍ਰਿਤ ਵਿੱਚ ‘ਨੰਨਾ’ ਦਾ ਮਤਲਬ ਹੰਦਾ ਹੈ ਪੁਰਖ, ‘ਅਨ’ ਦਾ ਮਤਲਬ ਹੁੰਦਾ ਹੈ ਬਿਨਾਂ, ਤੇ ‘ਅਕ’ ਦੁੱਖਾਂ ਤੋਂ ਬਿਨਾਂ। ਉਹ ਪੁਰਖ ਜਿਸ ਨੂੰ ਕੋਈ ਦੁੱਖ ਨਹੀਂ ਹੈ। ਗੁਰਮੁਖੀ ਵਿੱਚ ਇਸ ਦਾ ਮਤਲਬ ਹੁੰਦਾ ਹੈ ਨਾਨਕ ਨਾ-ਅਨੇਕ ਜਿਹੜਾ ਅਨੇਕ ਨਹੀਂ ਸਿਰਫ ਇੱਕ ਹੀ ਹੈ ਸਾਰੀ ਸ੍ਰਿਸ਼ਟੀ ਵਿੱਚ

 

ਸੋ ਮੈਂ ਬਹੁਤ ਸੋਚ ਕੇ ਇਸ ਦਾ ਨਾਂਅ ਰੱਖਿਆ ਹੈ। ਸੁਣ ਕੇ ਕਾਲੂ ਜੀ ਬਹੁਤ ਪ੍ਰਸੰਨ ਹੋਏ ਪੰਡਿਤ ਨੂੰ ਬਹੁਤ ਸਾਰੀ ਦਕਸ਼ਣਾ ਦਿੱਤੀ ਉਸ ਨੂੰ ਇਕ ਰਾਮ ਗਊ ਦਾਨ ਕੀਤੀ। 

ਗੁਰੂ ਨਾਨਕ ਦੇਵ ਜੀ ਦਾ ਰੱਬੀ ਸੁਭਾਅ

ਹੁਣ ਮਹਾਰਾਜ ਜੀ ਦਾ ਸੁਭਾਅ ਬਾਕੀ ਬਾਲਕਾਂ ਨਾਲੋਂ ਬਿਲਕੁਲ ਵੱਖਰਾ ਹੈ। ਬਾਹਰ ਜਾਂਦੇ ਤਾਂ ਚੌਂਕੜੀ ਮਾਰ ਕੇ ਬੈਠ ਜਾਂਦੇ। 

  • ਇਕ ਗੱਲ ਏਥੇ ਆਪਾਂ ਸਾਰੇ ਧਿਆਨ ਵਿੱਚ ਰੱਖੀਏ ਕਿਉਂਕਿ ਜੋ ਆਪਣਾ ਮਨ ਹੈ ਇਹ ਕਿਸੇ ਵੀ ਪ੍ਰਾਣੀ ਬਾਰੇ ਦੇਖਦਾ ਹੈ ਕਿ ਇਸ ਦੀ ਉਮਰ ਕਿੰਨੀ ਹੈ, ਇਸ ਦੀ ਸਿਆਣਪ ਕਿੰਨੀ ਹੈ ਤੇ ਇਸ ਨੂੰ ਤਜ਼ਰਬਾ ਕਿੰਨਾ ਹੈ। ਇਹ ਤਿੰਨਾਂ ਚੀਜਾਂ ਦਾ ਹਿਸਾਬ ਲਾ ਕੇ ਆਪਣਾ ਮਨ ਕਹਿੰਦਾ ਹੈ ਕਿ ਆਹ ਪ੍ਰਾਣੀ ਐਨੀ ਕੁ ਸਮਝ ਵਾਲਾ ਹੈ, ਪਰ ਇੱਥੇ ਕਹਾਣੀ ਹੋਰ ਹੈ, ਜੋਤ ਗੁਰੂ ਨਾਨਕ ਸਾਹਿਬ ਵਿੱਚ ਪਰਮੇਸ਼ਰ ਜੀ ਦੀ ਵਰਤ ਰਹੀ ਹੈ। 

    ਗੁਰੂ ਅਰਜਨ ਦੇਵ ਜੀ ਦੀ ਸਿਰਫ ਅਠਾਰਾਂ ਸਾਲ ਦੀ ਸਰੀਰਕ ਆਯੂ ਸੀ ਜਦੋਂ ਤਖਤ ਤੇ ਬੈਠੇ। ਗੁਰੂ ਹਰਿਰਾਇ ਸਾਹਿਬ ਜੀ ਦੀ ਸਰੀਰਕ ਆਯੂ ਚੌਦਾਂ ਸਾਲ ਦੀ ਸੀ ਜਦੋਂ ਤਖਤ ਤੇ ਬੈਠੇ। ਗੁਰੂ ਹਰਗੋਬਿੰਦ ਸਾਹਿਬ ਜੀ ਸਿਰਫ ਗਿਆਰਾਂ ਸਾਲ ਦੀ ਜਦੋਂ ਤਖਤ ਤੇ ਬੈਠੇ। ਦਸਵੇਂ ਪਾਤਸ਼ਾਹ ਜੀ ਦੀ ਉਮਰ ਨੌ ਸਾਲ ਜਦੋਂ ਤਖਤ ਤੇ ਬੈਠੇ, ਗੁਰੂ ਹਰਕ੍ਰਿਸ਼ਨ ਜੀ ਦੀ ਉਮਰ ਸਿਰਫ ਪੰਜ ਸਾਲ ਦੀ ਜਦੋਂ ਸਿੱਖੀ ਦੇ ਗੁਰੂ ਬਣੇ। ਸੋ ਇਹ ਕੋਈ ਉਮਰ ਦਾ ਨਹੀਂ ਦੇਖਣਾ ਕਿ ਗੁਰੂ ਸਾਹਿਬ ਜੀ ਦੀ ਏਨੀ ਉਮਰ, ਉਮਰ ਦਾ ਕੋਈ ਮਤਲਬ ਨਹੀਂ।

    ਪੰਜ ਸਾਲ ਤਿੰਨ ਮਹੀਨੇ ਗੁਰੂ ਹਰਕ੍ਰਿਸ਼ਨ ਜੀ ਦੀ ਸਰੀਰਕ ਆਯੂ ਹੈ, ਜਦੋਂ ਸਿੱਖ ਜਗਤ ਦੇ ਗੁਰੂ ਥਾਪੇ ਗਏ ਤੇ ਉਹਨਾਂ ਦੇ ਵੱਡੇ ਭਰਾ ਰਾਮ ਰਾਇ ਨੇ ਬਹੁਤ ਈਰਖਾ ਕੀਤੀ ਔਰੰਗਜ਼ੇਬ ਕੋਲ ਜਾ ਕੇ ਰੋਇਆ ਕਿ ਗੱਦੀ ਤੇ ਮੇਰਾ ਹੱਕ ਹੈ ਮੈਂ ਵੱਡਾ ਹਾਂ ਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਹੋਰਾਂ ਨੂੰ ਦਿੱਲੀ ਬੁਲਾਇਆ। ਪੰਜ ਸਾਲ ਦੀ ਉਮਰ ਹੈ ਤੇ ਮਾਹਾਰਾਜ ਜੀ ਹੋਰਾਂ ਜਵਾਬ ਭੇਜਿਆ ਕਿ ਅਸੀਂ ਨਹੀਂ ਆਉਣਾ। ਹਿੰਦੁਸਤਾਨ ਦਾ ਬਾਦਸ਼ਾਹ ਹੈ ਤੇ ਉਸ ਨੂੰ ਜਵਾਬ ਦਿੱਤਾ ਕਿ ਅਸੀਂ ਨਹੀਂ ਆਉਣਾ। ਫਿਰ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਜੋ ਜੈਪੁਰ ਦਾ ਰਾਜਾ ਸੀ ਉਸ ਨੂੰ ਬੇਨਤੀ ਕੀਤੀ (ਰਾਜਾ ਜੈ ਸਿੰਘ ਸਿੱਖ ਸੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸ਼ਰਧਾਲੂ ਸੀ) ਕਿ ਤੁਸੀਂ ਗੁਰੂ ਸਾਹਿਬ ਜੀ ਨੂੰ ਦਿੱਲੀ ਬੁਲਾਓ, ਤੇ ਰਾਜਾ ਜੈ ਸਿੰਘ ਦੀ ਬੇਨਤੀ ਤੇ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਨੂੰ ਗਏ ਤੇ ਦਿੱਲੀ ਆ ਕੇ ਵੀ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ। ਜਦੋਂ ਕੀਰਤਪੁਰ ਸਾਹਿਬ ਤੋਂ ਚੱਲੇ ਦਿੱਲੀ ਨੂੰ ਤੇ ਨਾਲ ਕਾਫ਼ੀ ਸੰਗਤ ਹੈ। ਰਸਤੇ ਵਿੱਚ ਪੜਾਅ ਕਰਦੇ ਗਏ। ਅੰਬਾਲੇ ਕੋਲ ਇਕ ਪਿੰਡ ਹੈ ਜਿਸ ਦਾ ਨਾਮ ਪੰਜੋਖੜਾ ਹੈ, ਉੱਥੇ ਪੜਾਅ ਕੀਤਾ ਤੰਬੂ ਲਗਾਏ ਤੇ ਉਸ ਪਿੰਡ ਦਾ ਇਕ ਕਿਸ਼ਨ ਚੰਦ ਨਾਂਅ ਦਾ ਪੰਡਿਤ ਸੀ ਜੋ ਸੰਸਕ੍ਰਿਤ ਦਾ ਬਹੁਤ ਵਿਦਵਾਨ ਸੀ। ਉਸ ਨੇ ਦੇਖਿਆ ਕਿ ਪੰਜ ਸਾਲ ਦਾ ਬੱਚਾ ਗੁਰੂ ਬਣਿਆ ਬੈਠਾ ਹੈ। ਜਾ ਕੇ ਕਹਿਣ ਲੱਗਾ ਜੀ ਤੁਹਾਡਾ ਨਾਮ ਹਰਕ੍ਰਿਸ਼ਨ ਜੀ ਹੈ ਤੁਹਾਡਾ ਨਾਮ ਕ੍ਰਿਸ਼ਨ ਜੀ ਤੋਂ ਵੱਡਾ ਹੈ, ਕ੍ਰਿਸ਼ਨ ਜੀ ਨੇ ਗੀਤਾ ਉਚਾਰੀ ਹੈ ਤੇ ਤੁਹਾਡਾ ਨਾਂਅ ਉਹਨਾਂ ਤੋਂ ਵੀ ਉੱਚਾ ਹੈ ਤੁਹਾਨੂੰ ਗੀਤਾ ਦੇ ਅਰਥ ਆਉਣੇ ਚਾਹੀਦੇ ਹਨ। ਮਾਹਾਰਾਜ ਕਹਿੰਦੇ “ਹਾਂ ਆਉਣੇ ਚਾਹੀਦੇ ਹਨ, ਦੱਸੋ ਤੁਸੀਂ ਕੀ ਚਾਹੁੰਦੇ ਹੋ?” ਕਹਿੰਦਾ “ਜੀ ਸਾਨੂੰ ਗੀਤਾ ਦੇ ਅਰਥ ਕਰਕੇ ਸੁਣਾਓ। ਗੀਤਾ ਸੰਸਕ੍ਰਿਤ ਵਿੱਚ ਲਿਖੀ ਹੋਈ ਹੈ। ਮਾਹਾਰਾਜ ਜੀ ਕਹਿੰਦੇ “ਅਸੀਂ ਕਰੀਏ ਅਰਥ ਕਿ ਕਿਸੇ ਗੂੰਗੇ ਬੋਲੇ ਕੋਲੋ ਕਰਵਾ ਦੇਈਏ? ਪੰਡਿਤ ਨੇ ਸੋਚਿਆ ਕਿ ਇਹ ਤੇ ਹੋਰ ਵੀ ਚੰਗਾ ਹੈ ਕਿਉਂਕਿ ਗੂੰਗਾ ਬੋਲਾ ਕੀ ਗੀਤਾ ਦੇ ਅਰਥ ਕਰੇਗਾ! ਉਹਦੇ ਪਿੰਡ ਦਾ ਉੱਥੇ ਇਕ ਗੂੰਗਾ ਤੇ ਬੋਲਾ ਪ੍ਰਾਣੀ ਛੱਜੂ ਨਾਂਅ ਦਾ ਆਇਆ ਹੋਇਆ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੋਟੀ ਆਪਣੇ ਕੋਲ ਰੱਖਦੇ ਹੁੰਦੇ ਸਨ ਉਹ ਸੋਟੀ ਦਾ ਸਿਰਾ ਉਸ ਦੇ ਸਿਰ ਤੇ ਰੱਖਿਆ ਤੇ ਉਸ ਨੂੰ ਕਿਹਾ ਕਿ “ਪੰਡਿਤ ਨੂੰ ਗੀਤਾ ਦੇ ਸੁਆਲਾਂ ਦੇ ਜਵਾਬ ਦਿਓ”। ਤੇ ਉਸ ਗੂੰਗੇ ਤੇ ਬੋਲੇ ਨੇ ਇੱਕ ਘੰਟਾ ਉਸ ਪੰਡਿਤ ਨੂੰ ਸਵਾਲਾਂ ਦੇ ਜਵਾਬ ਸੰਸਕ੍ਰਿਤ ਵਿੱਚ ਦਿੱਤੇ। ਫਿਰ ਉਹ ਕਿਸ਼ਨਨ ਚੰਦ ਪੰਡਿਤ ਮਾਹਾਰਾਜ ਜੀ ਦੇ ਚਰਨੀਂ ਡਿੱਗਾ ਤੇ ਸਿੱਖ ਬਣ ਗਿਆ।

    ਸੋ ਏਥੇ ਉਮਰ ਦਾ ਸਵਾਲ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਕੌਤਕ ਕਰਨੇ ਹਨ ਤੇ ਆਪਾਂ ਇਹ ਨਹੀਂ ਸੋਚ ਸਕਦੇ ਕਿ ਉਨ੍ਹਾਂ ਦੀ ਉਮਰ ਇਸ ਵੇਲੇ ਐਨੀ ਹੈ ਤੇ ਕਿਸ ਤਰਾਂ ਹੋ ਸਕਦਾ ਹੈ। ਪਰਮਾਤਮਾਂ ਦੀ ਜੋਤ ਹੈ। ਉਸ ਪੰਡਿਤ ਨੂੰ ਕੀ ਪਤਾ ਸੀ ਕਿ ਇਹ ਜੋ ਧਾਰਮਿਕ ਕਿਤਾਬਾਂ ਹਨ ਇਹ ਪਰਮੇਸ਼ਰ ਤੋਂ ਆਈਆਂ ਹਨ ਤੇ ਉਸ ਪਰਮੇਸ਼ਰ ਦੀ ਜੋਤ ਇਹਨਾਂ ਵਿੱਚ ਵਰਤ ਰਹੀ ਹੈ। ਇਹਨਾਂ ਲਈ ਕੀ ਮੁਸ਼ਕਿਲ ਹੈ। 

ਇਸ ਤਰਾਂ ਗੁਰੂ ਨਾਨਕ ਸਾਹਿਬ ਜੀ ਜਦੋਂ ਛੋਟੇ ਬਾਲ ਸਨ ਘਰੋਂ ਬਾਹਰ ਜਾਣਾਂ, ਸਿਆਣਿਆਂ ਵਾਂਗੂ ਚੌਂਕੜੀ ਮਾਰ ਕੇ ਬੈਠ ਜਾਣਾਂ ਤੇ ਬੱਚਿਆਂ ਨਾਲ ਗੱਲਾਂ ਕਰਨੀਆਂ ਕਿ ਇੱਕ ਪਰਮੇਸ਼ਰ ਜੀ ਹੈ ਜੋ ਆਪਾਂ ਨੂੰ ਬਹੁਤ ਪ੍ਰੇਮ ਕਰਦਾ ਹੈ ਤੇ ਜਿਹੜਾ ਉਹਦਾ ਨਾਮ ਜਪੇ ਉਹਦੇ ਤੇ ਬਹੁਤ ਖੁਸ਼ ਹੁੰਦਾ ਹੈ। ਫਿਰ ਜੋ ਮਰਜ਼ੀ ਉਸ ਤੋਂ ਲੈ ਲਵੋ। ਬਾਲਕਾਂ ਨੇ ਪੁੱਛਣਾ “ਨਾਨਕ ਜੀ ਉਹ ਕਿੱਥੇ ਰਹਿੰਦਾ ਹੈ?” ਜੇ ਹਿੰਦੂਆਂ ਦੇ ਬੱਚੇ ਹੋਣ ਤੇ ਉਹਨਾਂ ਦੀ ਭਾਸ਼ਾ ਵਿੱਚ ਕਹਿਣਾ ਕਿ “ਇਕ ਪ੍ਰਭੂ ਰਹਿੰਦਾ ਹੈ ਸੱਚਖੰਡ ਵਿੱਚ, ਉਹ ਆਪਣਾ ਬਾਪ ਹੈ। ਉਹ ਆਪਾਂ ਨੂੰ ਸਭ ਕੁਛ ਦਿੰਦਾ ਹੈ”। ਜੇ ਮੁਸਲਮਾਨਾਂ ਦੇ ਬੱਚੇ ਹੋਣ ਤੇ ਉਹਨਾਂ ਨੂੰ ਕਹਿਣਾ ਕਿ “ਖੁਦਾ ਰਹਿੰਦਾ ਹੈ ਸੱਚਖੰਡ ਵਿੱਚ”। ਸਾਰੇ ਬੱਚਿਆਂ ਨੇ ਮਾਹਾਰਾਜ ਜੀ ਹੋਰਾਂ ਦੇ ਚਾਰ ਚੁਫੇਰੇ ਫਿਰਦੇ ਰਹਿਣਾ। 

ਬਿਲਕੁਲ ਬੱਚਿਆਂ ਵਾਲਾ ਕੋਈ ਸੁਭਾਅ ਨਹੀਂ ਹੈ ਜੋ ਚੰਚਲ ਸੁਭਾਅ ਹੁੰਦਾ ਹੈ ਤੇ ਜੇ ਘਰ ਆਉਣਾ ਤੇ ਫਿਰ ਸਹਿਜ ਵਿੱਚ ਰਹਿਣਾ। ਘਰੋਂ ਕੋਈ ਚੀਜ਼ ਦੇਖਣੀ ਕੋਈ ਬਰਤਨ, ਕੋਈ ਕਮੰਡਲ, ਬਾਲਟੀ ਵਗੈਰਾ ਤੇ ਉਹ ਗਰੀਬਾਂ ਨੂੰ ਦੇ ਦੇਣੀ ਜਾਂ ਕੋਈ ਪਿੰਡ ਵਿੱਚ ਫਕੀਰ ਆਇਆ ਹੋਣਾ ਤੇ ਉਸ ਨੂੰ ਫੜਾ ਦੇਣੀ ਤੇ ਮਹਿਤਾ ਕਾਲੂ ਜੀ ਨੇ ਹਰਦਿਆਲ ਪੰਡਿਤ ਨੂੰ ਜਾ ਕੇ ਉਲਾਂਬਾ ਦੇਣਾ ਕਿ ਚੰਗਾ ਛੱਤਰ ਫਿਰਾਇਆ ਈ ਸਾਡੇ ਸਿਰ ਤੇ ਇਹ ਤਾਂ ਘਰ ਹੀ ਉਜਾੜੀ ਜਾਂਦਾ। ਪੰਡਿਤ ਹਰਦਿਆਲ ਨੇ ਨੇਕਹਿਣਾ, ਕਾਲੂ ਜੀ ਜਦੋਂ ਇਹਦਾ ਪ੍ਰਤਾਪ ਹੋਇਆ ਉਦੋਂ ਤੁਸੀਂ ਸਾਡੇ ਨਾਲ ਬੋਲਣਾ ਵੀ ਨਹੀਂ ਅੱਜ ਉਲਾਂਬੇ ਦੇਣ ਆਉਂਦੇ ਹੋ। 

ਗੁਰੂ ਨਾਨਕ ਦੇਵ ਜੀ ਦਾ ਸਕੂਲ ਜਾਣਾ

ਸੱਤ ਸਾਲ ਦੀ ਸਰੀਰਕ ਆਯੂ ਹੋ ਗਈ ਮਾਹਾਰਾਜ ਜੀ ਹੋਰਾਂ ਦੀ ਮਹਿਤਾ ਕਾਲੂ ਜੀ ਨੇ ਸੋਚਿਆ ਕਿ ਇਹ ਹਿਸਾਬ ਸਿੱਖ ਲਵੇ ਤਾਂ ਕਿ ਇਹ ਜੋ ਮੇਰਾ ਪਟਵਾਰੀ ਦਾ ਕੰਮ ਹੈ ਰਾਇ ਬੁਲਾਰ ਨੂੰ ਆਖ ਕੇ ਮੇਰੇ ਤੋ ਬਾਅਦ ਇਸ ਨੂੰ ਇਹ ਲੈ ਦਿਆਂਗੇ। ਸੋ ਉਹ ਇਹ ਸੋਚ ਕੇ ਪਾਂਧੇ ਕੋਲ ਲੈ ਗਏ। ਪਾਂਧਾ ਪੰਡਿਤ ਸੀ, ਉਸ ਦਾ ਨਾਂ ਗੁਪਾਲ ਦਾਸ ਸੀ। ਪਾਂਧੇ ਦਾ ਮਤਲਬ ਹੁੰਦਾ ਹੈ ਜੋ ਰਾਹ ਦਿਖਾਉਂਦਾ ਹੈ ਦੁਨੀਆ ਨੂੰ। ਮਹਿਤਾ ਕਾਲੂ ਜੀ ਇਕ ਥਾਲੀ ਚੌਲਾਂ ਦੀ ਗੁੜ ਆਦ ਅਤੇ ਨਾਲ ਗੁਰੂ ਸਾਹਿਬ ਨੂੰ ਲੈ ਕੇ ਪਾਂਧੇ ਪਾਸ ਗਏ ਕਿ ਪਾਂਧਾ ਜੀ ਮਹੂਰਤ ਦੇਖੋ (ਉਦੋਂ ਐਨਾਂ ਜਿਆਦਾ ਪੰਡਿਤਾਂ ਨੇ ਪਰਜਾ ਨੂੰ ਵਹਿਮਾਂ ਵਿੱਚ ਪਾਇਆ ਹੋਇਆ ਸੀ ਕਿ ਜੇ ਕਿਸੇ ਨੂੰ ਮਿਲਣ ਵੀ ਜਾਣਾ ਤੇ ਫਿਰ ਵੀ ਮਹੂਰਤ ਕਢਾ ਕੇ, ਪੰਡਿਤ ਕੋਲੋਂ ਪੁਛ ਕੇ ਕਿ ਕੋਈ ਅੜਚਨ ਨਹੀਂ ਪਏਗੀ ਤਾਂ ਜਾਣਾ) ਤੇ ਸਕੂਲ ਪਾਂਧੇ ਨੂੰ ਪੁੱਛਿਆ ਕਿ ਦੇਖੋ ਮਹੂਰਤ ਠੀਕ ਹੈ ਨਾਨਕ ਜੀ ਦੇ ਸਕੂਲ ਆਉਣ ਦਾ? ਉਸ ਨੇ ਜੰਤਰੀ ਦੇਖੀ ਤੇ ਕਹਿੰਦੇ ਜੀ ਅੱਜ ਮਹੂਰਤ ਠੀਕ ਹੈ। ਫਿਰ ਕਾਲੂ ਜੀ ਕਹਿੰਦੇ ਇਸ ਨੂੰ ਸਾਰੇ ਪਹਾੜੇ ਸਵਾਇਆ, ਡੇਢਾ, ਢਾਇਆ ਚੰਗੀ ਤਰਾਂ ਸਿੱਖਾਂ ਦਿਉ। ਇਸ ਨੇ ਅੱਗੇ ਪਟਵਾਰੀ ਦਾ ਕੰਮ ਕਰਨਾ ਹੈ। ਏਨਾ ਕਹਿ ਕੇ ਮਹਿਤਾ ਕਾਲੂ ਜੀ ਘਰ ਆ ਗਏ। ਪਾਂਧੇ ਨੇ ਇਕ ਤਖਤੀ ਗੁਰੂ ਸਾਹਿਬ ਜੀ ਨੂੰ ਦਿੱਤੀ। ਉਹਦੇ ਉਤੇ ਇਕ, ਦੋ, ਤਿੰਨ, ਚਾਰ ਪੈਨਸਲ ਨਾਲ ਲਿਖ ਦਿੱਤਾ ਤੇ ਗੁਰੂ ਸਾਹਿਬ ਨੂੰ ਕਿਹਾ ਕਿ ਆਹ ਲੈ ਇਹਨਾਂ ਉੱਤੇ ਤੂੰ ਸਿਆਹੀ ਨਾਲ ਲਿਖ। ਗੁਰੂ ਸਾਹਿਬ ਜੀ ਨੇ ਤਖਤੀ ਫੜ ਲਈ ਪਰ ਲਿਖਿਆ ਕੁਝ ਨਹੀ ਉਸੇ ਤਰਾਂ ਬੈਠੇ ਰਹੇ। ਕਦੀ ਤਖਤੀ ਵੱਲ ਦੇਖ ਲੈਂਦੇ ਕਦੀ ਬੱਚਿਆਂ ਵੱਲ ਕਦੀ ਪਾਂਧੇ ਵੱਲ। ਪਾਂਧੇ ਨੇ ਇਕ ਦੋ ਵਾਰ ਕਿਹਾ ਪਰ ਜਿਆਦਾ ਨਹੀਂ ਕਿਹਾ ਕਿ ਪਹਿਲਾ ਦਿਨ ਹੈ। ਫਿਰ ਛੁੱਟੀ ਹੋ ਗਈ ਮਾਹਾਰਾਜ ਜੀ ਘਰ ਨੂੰ ਆ ਗਏ। 

(ਇਕ ਬਹੁਤ ਅਸਚਰਜ ਚੀਜ ਦੇਖਣਾ ਜੀ ਕਿ ਸ਼ੁਰੂ ਤੋਂ ਹੀ ਗੁਰੂ ਨਾਨਕ ਸਾਹਿਬ ਜੀ ਹੋਰਾਂ ਨੇ ਜੋ ਕਰਨਾ ਸੀ ਕੀਤਾ ਓਹੀ ਪਰ ਕਿਸੇ ਨੂੰ ਅੱਗੋਂ ਜਵਾਬ ਨਹੀਂ ਦਿੱਤਾ ਕਿ ਮੈਂ ਇਹ ਨਹੀਂ ਕਰਨਾ। ਇਹ ਨਹੀਂ ਕਹਿੰਦੇ ਸੀ ਕਿ ਮੈਂ ਸਕੂਲੇ ਨਹੀਂ ਜਾਣਾ, ਸਕੂਲ ਚੱਲੇ ਗਏ, ਪਰ ਬਾਪ ਨੂੰ ਜਵਾਬ ਨਹੀਂ ਦਿੱਤਾ। ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੇ ਪਰ ਜੋ ਕਰਨਾ, ਕਰਨਾ ਓਹੀ ਹੈ।)

  • 1.⁠ ⁠ਦੁੱਖ: 15ਵੀਂ ਸਦੀ ਤੱਕ, ਮਨੁੱਖਤਾ ਜ਼ੁਲਮ, ਲਾਲਚ ਅਤੇ ਵੰਡ ਦੇ ਅਧੀਨ ਸੀ। ਪਿਆਰ ਅਤੇ ਧਾਰਮਿਕਤਾ ਅਲੋਪ ਹੋ ਗਈ ਸੀ। ਸਭ ਕੁਝ ਹਨੇਰੇ ਅਤੇ ਬੇਇਨਸਾਫ਼ੀ ਵਿੱਚ ਬਦਲ ਗਿਆ ਸੀ।
    - ਜਾਤ ਅਤੇ ਧਾਰਮਿਕ ਜ਼ੁਲਮ: ਸਮਾਜ ਨੂੰ ਜਾਤ, ਚਮੜੀ ਦੇ ਰੰਗ, ਲਿੰਗ ਅਤੇ ਧਰਮ ਦੁਆਰਾ ਵੰਡਿਆ ਗਿਆ ਸੀ। ਕੁਝ ਕੁ ਲੋਕਾਂ ਨੇ ਧਾਰਮਿਕ ਅਭਿਆਸਾਂ ਨੂੰ ਨਿਯੰਤਰਿਤ ਕੀਤਾ ਹੋਇਆ ਸੀ ਇਹ ਦਾਅਵਾ ਕਰਦੇ ਹੋਏ ਕਿ ਸਿਰਫ ਉਨ੍ਹਾਂ ਦੀ ਰੱਬ ਤੱਕ ਪਹੁੰਚ ਹੈ। ਨੀਵੀਆਂ ਜਾਤਾਂ ਦੇ ਲੋਕਾਂ ਨੂੰ ਪੂਜਾ ਸਥਾਨਾਂ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਰੱਬ ਪ੍ਰਤੀ ਸ਼ਰਧਾ ਸੀਮਤ ਸੀ। ਉੱਚੇ ਮੰਨੇ ਜਾਂਦੇ ਵਰਗ ਤੋਂ ਬਿਨਾਂ ਬਾਕੀਆਂ ਨੂੰ ਪਰਮੇਸ਼ਰ ਬਾਰੇ ਬੋਲਣ ਜਾਂ ਗਾਉਣ ਦੇ ਨਤੀਜੇ ‘ਚ ਸਖ਼ਤ ਸਜ਼ਾ ਹੋ ਸਕਦੀ ਸੀ, ਇੱਥੋਂ ਤੱਕ ਕਿ ਮੌਤ ਦੀ ਸਜ਼ਾ ਵੀ।  
    - ਅੰਧਵਿਸ਼ਵਾਸ ਅਤੇ ਖਾਲੀ ਰੀਤੀ ਰਿਵਾਜ: ਧਾਰਮਿਕ ਅਭਿਆਸ ਸੱਚੀ ਪੂਜਾ ਦੀ ਬਜਾਏ ਲੋਕਾਂ ਨੂੰ ਰੱਬ ਤੋਂ ਦੂਰ ਕਰਦੇ ਹੋਏ ਅਰਥਹੀਣ ਰੀਤੀ ਰਿਵਾਜਾਂ 'ਤੇ ਕੇਂਦ੍ਰਿਤ ਹੋ ਗਏ
    - ਔਰਤਾਂ ਦਾ ਜ਼ੁਲਮ: ਔਰਤਾਂ ਨੂੰ ਘਟੀਆ ਸਮਝਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਜਾਇਦਾਦ ਸਮਝਿਆ ਜਾਂਦਾ ਸੀ। ਕੰਨਿਆ ਭਰੂਣ ਹੱਤਿਆ, ਬਾਲ ਵਿਆਹ ਅਤੇ ਸਤੀ (ਵਿਧਵਾ ਨੂੰ ਸਾੜਨਾ) ਆਮ ਸਨ। ਔਰਤਾਂ ਨੂੰ ਰੱਬ ਨਾਲ ਅਧਿਆਤਮਿਕ ਸਬੰਧ ਦੇ ਯੋਗ ਨਹੀਂ ਮੰਨਿਆ ਜਾਂਦਾ ਸੀ
    - ਧਾਰਮਿਕ ਅਤਿਆਚਾਰ ਅਤੇ ਟੈਕਸ: ਵਿਦੇਸ਼ੀ ਸ਼ਾਸਨ ਦੇ ਅਧੀਨ ਹਿੰਦੂਆਂ ਨੂੰ ਆਪਣੇ ਧਾਰਮਿਕ ਵਿਸ਼ਵਾਸਾਂ ਦਾ ਅਭਿਆਸ ਕਰਨ ਅਤੇ ਆਪਣੀਆਂ ਜਾਨਾਂ ਦੀ ਰੱਖਿਆ ਕਰਨ ਲਈ ਟੈਕਸ (ਜਜ਼ੀਆ) ਅਦਾ ਕਰਨਾ ਪੈਂਦਾ ਸੀ। 
    - ⁠ਗ਼ੁਲਾਮੀ ਅਤੇ ਸ਼ੋਸ਼ਣ: ਪੱਛਮ ਵਿੱਚ, ਪੁਰਤਗਾਲੀ ਲੋਕਾਂ ਨੇ ਟਰਾਂਸ- ਇਟਲਾਂਟਿਕ ਗੁਲਾਮ ਵਪਾਰ ਸ਼ੁਰੂ ਕੀਤਾ, ਅਫ਼ਰੀਕਨਾਂ ਨੂੰ ਫੜਨਾ ਅਤੇ ਗ਼ੁਲਾਮ ਬਣਾਉਣਾ। ਪੋਪ ਨਿਕੋਲਸ ਪੰਜਵੇ ਨੇ ਗ਼ੁਲਾਮੀ ਦੀ ਇਜਾਜ਼ਤ ਉਦੋਂ ਤੱਕ ਦਿੱਤੀ ਜਦੋਂ ਤੱਕ ਗ਼ੁਲਾਮ ਈਸਾਈ ਧਰਮ ਵਿੱਚ ਤਬਦੀਲ ਹੋ ਜਾਂਦੇ ਸਨ।
    - ⁠ਧਰਮ ਦਾ ਭ੍ਰਿਸ਼ਟਾਚਾਰ: ਮਨੁੱਖਤਾ ਨੂੰ ਇਕਜੁੱਟ ਕਰਨ ਦੀ ਬਜਾਏ, ਜ਼ੁਲਮ ਅਤੇ ਵਿਤਕਰੇ ਨੂੰ ਜਾਇਜ਼ ਠਹਿਰਾਉਣ ਲਈ ਧਰਮ ਦੀ ਦੁਰਵਰਤੋਂ ਕੀਤੀ ਜਾਂਦੀ ਸੀ। ਸਰਕਾਰਾਂ ਅਤੇ ਧਾਰਮਿਕ ਅਧਿਕਾਰਾਂ ਨੇ ਇਸ ਦੇ ਅਸਲ ਉਦੇਸ਼ ਨੂੰ ਵਿਗਾੜ ਦਿੱਤਾ, ਇਸ ਨੂੰ ਪਿਆਰ ਅਤੇ ਏਕਤਾ ਦੀ ਬਜਾਏ ਵੰਡ ਅਤੇ ਨਿਯੰਤਰਣ ਦੇ ਸਾਧਨ ਵਿੱਚ ਬਦਲ ਦਿੱਤਾ। 

    2.⁠ ⁠ਖੱਤਰੀ: ਇੱਕ ਵਿਅਕਤੀ ਜੋ ਇੱਕ ਹਿੰਦੂ ਵਪਾਰੀ ਜਾਤੀ ਨਾਲ ਸਬੰਧਤ ਹੈ।

  • - ਦੁੱਖਾਂ ਨਾਲ ਭਰੀ ਦੁਨੀਆਂ ਵਿੱਚ, ਨਾਮ ਹੀ ਇਲਾਜ ਹੈ। ਅਸੀਂ ਨਾਮ ਦੇ ਅਭਿਆਸ ਨੂੰ ਆਪਣੇ ਜੀਵਨ ਵਿੱਚ ਕਿਵੇਂ ਸ਼ਾਮਲ ਕਰ ਸਕਦੇ ਹਾਂ?

    - ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਿਵੇਂ ਨਿਸ਼ਕਾਮ ਸੇਵਾ ਕਰ ਸਕਦੇ ਹਾਂ ਤਾਂ ਜੋ ਹੋਰਾਂ ਦੀ ਭਲਾਈ ਹੋਵੇ?

    - ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਉਹਨਾਂ ਸ਼ਬਦਾਂ ਰਾਹੀਂ ਗੱਲ ਕੀਤੀ ਜੋ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਲਈ ਜਾਣ-ਪਛਾਣ ਵਾਲੇ ਸਨ। ਅਸੀਂ ਵੱਖ-ਵੱਖ ਧਰਮਾਂ ਵਿਚਲਾ ਅੰਤਰ ਕਿਵੇਂ ਘਟਾ ਸਕਦੇ ਹਾਂ ਅਤੇ ਇੱਕ ਵਿਭਿੰਨ ਸੰਸਾਰ ਵਿੱਚ ਏਕਤਾ ਬਣਾਉਣ ਲਈ ਕਿਵੇਂ ਯੋਗਦਾਨ ਪਾ ਸਕਦੇ ਹਾਂ?